ਰਾਜ਼ਿਲੀਐਂਸ ਬੀ ਸੀ ਐਂਟੀ-ਰੇਸਿਜ਼ਮ ਵੈੱਬਸਾਈਟ (ਬੀ ਸੀ ਦੇ ਨਸਲਵਾਦ ਵਿਰੋਧੀ ਵੈੱਬਸਾਈਟ) ਦੀ ਪੂਰੀ ਸਾਮੱਗਰੀ ਛੇਤੀ ਹੀ ਪੰਜਾਬੀ ਵਿਚ ਉਪਲਬਧ ਹੋਵੇਗੀ।

ਨਫ਼ਰਤ ਦੀ ਬੀ.ਸੀ. ਵਿਚ ਕੋਈ ਥਾਂ ਨਹੀਂ ਹੈ।

ਐਕਸ਼ਨ ਲਉ

ਜੇ ਤੁਸੀਂ ਨਸਲਵਾਦ ਜਾਂ ਨਫ਼ਰਤ ਦੇ ਸ਼ਿਕਾਰ ਹੋਏ ਹੋ

ਜੇ ਤੁਸੀਂ ਕਿਸੇ ਨਸਲਵਾਦੀ ਜਾਂ ਨਫ਼ਰਤੀ ਘਟਨਾ ਦੇ ਸ਼ਿਕਾਰ ਹੋਏ ਹੋ ਤਾਂ ਤੁਸੀਂ ਕਈ ਤਰੀਕਿਆਂ ਨਾਲ ਐਕਸ਼ਨ ਲੈ ਸਕਦੇ ਹੋ:

 1. ਮਦਦ ਮੰਗੋ। ਜੇ ਤੁਸੀਂ ਕਿਸੇ ਪਬਲਿਕ ਥਾਂ `ਤੇ ਹੋ ਅਤੇ ਤੁਹਾਡੇ `ਤੇ ਜ਼ਬਾਨੀ ਤੌਰ `ਤੇ ਜਾਂ ਸਰੀਰਕ ਤੌਰ `ਤੇ ਹਮਲਾ ਕੀਤਾ ਜਾ ਰਿਹਾ ਹੈ ਤਾਂ ਨੇੜਲੇ ਹੋਰ ਲੋਕਾਂ ਨੂੰ ਇਹ ਪਤਾ ਲਾਉ ਕਿ ਤੁਹਾਨੂੰ ਮਦਦ ਦੀ ਲੋੜ ਹੈ।
 2. ਜੇ ਅਜਿਹਾ ਕਰਨਾ ਸੁਰੱਖਿਅਤ ਹੋਵੇ ਤਾਂ ਅਪਰਾਧੀ ਜਾਂ ਘਟਨਾ ਦੀ ਫੋਟੋ ਲੈ ਕੇ ਜਾਂ ਵੀਡਿਓ ਬਣਾ ਕੇ ਘਟਨਾ ਨੂੰ ਰਿਕਾਰਡ ਕਰੋ ਜਾਂ ਕਿਸੇ ਹੋਰ ਨੂੰ ਇਹ ਆਪਣੇ ਲਈ ਕਰਨ ਲਈ ਕਹੋ। ਸਮਾਂ, ਦਿਨ ਅਤੇ ਸਥਾਨ ਨੋਟ ਕਰੋ।
 3. ਇਸ ਦੀ ਰਿਪੋਰਟ ਕਰੋ। [ਰਿਪੋਰਟਿੰਗ ਪੇਜ ਨਾਲ ਸੰਪਰਕ]
 4. ਸੰਕਟ ਵਿਚ ਗੁਪਤ, ਬਹੁਭਾਸ਼ਾਈ ਮਦਦ ਅਤੇ ਜਾਣਕਾਰੀ ਅਤੇ ਰੈਫਰਲਜ਼ ਲਈ ਵਿਕਟਿਮ ਲਿੰਕ ਨਾਲ ਸੰਪਰਕ ਕਰੋ।

ਜੇ ਤੁਸੀਂ ਕਿਸੇ ਨਸਲਵਾਦੀ ਜਾਂ ਨਫ਼ਰਤੀ ਘਟਨਾ ਨੂੰ ਦੇਖੋ

ਜੇ ਤੁਸੀਂ ਕਿਸੇ ਨਸਲਵਾਦੀ ਜਾਂ ਨਫ਼ਰਤੀ ਘਟਨਾ ਨੂੰ ਦੇਖੋ ਤਾਂ ਤੁਸੀਂ ਕਈ ਤਰੀਕਿਆਂ ਨਾਲ ਸੁਰੱਖਿਅਤ ਅਤੇ ਅਸਰਦਾਰ ਤਰੀਕੇ ਨਾਲ ਐਕਸ਼ਨ ਲੈ ਸਕਦੇ ਹੋ।

 1. ਸਭ ਤੋਂ ਪਹਿਲਾਂ ਆਪਣੀ ਸੁਰੱਖਿਆ ਦਾ ਅੰਦਾਜ਼ਾ ਲਾਉ। ਕੀ ਕੁਝ ਕਹਿਣਾ ਜਾਂ ਕੁਝ ਕਰਨਾ ਤੁਹਾਡੇ ਲਈ ਸੁਰੱਖਿਅਤ ਹੈ? ਇਕ ਚੰਗੇ ਗਵਾਹ ਬਣਨ ਲਈ ਤੁਹਾਡੀ ਸੁਰੱਖਿਆ ਜ਼ਰੂਰੀ ਹੈ।
 2. ਜੇ ਅਜਿਹਾ ਕਰਨਾ ਸੁਰੱਖਿਅਤ ਹੋਵੇ ਤਾਂ ਪੀੜਤ ਨਾਲ ਗੱਲਬਾਤ ਕਰੋ, ਉਸ ਨੂੰ ਪੁੱਛੋ ਕਿ ਕੀ ਉਹ ਠੀਕ ਹੈ ਜਾਂ ਕੀ ਉਸ ਨੂੰ ਮਦਦ ਦੀ ਲੋੜ ਹੈ। ਇਸ ਨਾਲ ਅਪਰਾਧੀ/ਹਮਲਾਵਰ/ਪਰੇਸ਼ਾਨ ਕਰਨ ਵਾਲੇ ਨੂੰ ਇਹ ਪਤਾ ਲੱਗੇਗਾ ਕਿ ਪੀੜਤ ਇਕੱਲਾ/ਇਕੱਲੀ ਨਹੀਂ ਹੈ।
 3. ਜੇ ਅਜਿਹਾ ਕਰਨਾ ਸੁਰੱਖਿਅਤ ਹੋਵੇ ਤਾਂ ਹੋਰ ਗਵਾਹਾਂ ਨੂੰ ਸ਼ਾਮਲ ਕਰੋ। ਪੀੜਤ ਲਈ ਮਦਦ ਇਕੱਠੀ ਕਰਨ ਲਈ ਮੌਜੂਦ ਹੋਰਨਾਂ ਨਾਲ ਗੱਲ ਕਰੋ। ਗਿਣਤੀ ਵਿਚ ਤਾਕਤ ਹੁੰਦੀ ਹੈ।
 4. ਜੇ ਅਜਿਹਾ ਕਰਨਾ ਸੁਰੱਖਿਅਤ ਹੋਵੇ ਤਾਂ ਘਟਨਾ ਦੀ ਫੋਟੋ ਲੈ ਕੇ ਜਾਂ ਵੀਡਿਓ ਬਣਾ ਕੇ ਜਾਂ ਨੋਟ ਲਿਖ ਕੇ ਘਟਨਾ ਦਾ ਰਿਕਾਰਡ ਬਣਾਉ। ਇਕ ਸੁਰੱਖਿਅਤ ਫਾਸਲਾ ਰੱਖੋ ਅਤੇ ਸਮਾਂ, ਦਿਨ ਅਤੇ ਸਥਾਨ ਨੋਟ ਕਰੋ। ਪੀੜਤ ਨੂੰ ਇਹ ਪੁੱਛੋ ਕਿ ਉਹ ਫੋਟੋ ਜਾਂ ਵੀਡਿਓ ਦਾ ਕੀ ਕਰਨਾ ਚਾਹੁੰਦੇ ਹਨ ਅਤੇ ਉਸ ਦੀ ਆਗਿਆ ਬਿਨਾਂ ਇਸ ਨੂੰ ਔਨਲਾਈਨ ਪੋਸਟ ਨਾ ਕਰੋ।
 5. ਜਦੋਂ ਅਜਿਹਾ ਕਰਨਾ ਸੁਰੱਖਿਅਤ ਹੋਵੇ ਤਾਂ ਪੀੜਤ ਨੂੰ ਇਹ ਪੁੱਛੋ ਕਿ ਘਟਨਾ ਦੀ ਪੁਲੀਸ ਕੋਲ ਰਿਪੋਰਟ ਕਰਨ ਲਈ ਜਾਂ ਵਿਕਟਿਮ ਲਿੰਕ ਨਾਲ ਜੁੜਨ ਲਈ ਕੀ ਉਸ ਨੂੰ ਮਦਦ ਦੀ ਲੋੜ ਹੈ।

ਸ਼ਾਮਲ ਹੋਵੋ – ਰੇਜ਼ਿਲੀਐਂਸ ਬੀ ਸੀ

ਰੇਜ਼ਿਲੀਐਂਸ ਬੀ ਸੀ ਐਂਟੀ-ਰੇਸਿਜ਼ਮ ਨੈੱਟਵਰਕ, ਨਸਲਵਾਦ ਦੀ ਪਛਾਣ ਕਰਨ ਅਤੇ ਇਸ ਨੂੰ ਚੁਣੌਤੀ ਦੇਣ ਲਈ ਜ਼ਿਆਦਾ ਫੋਕਸ ਅਤੇ ਲੀਡਰਸ਼ਿਪ ਨਾਲ ਸੂਬੇ ਭਰ ਵਿਚ ਇਕ ਬਹੁ-ਪੱਖੀ ਪਹੁੰਚ ਪ੍ਰਦਾਨ ਕਰਦਾ ਹੈ। ਇਹ ਪ੍ਰੋਗਰਾਮ ਕਮਿਉਨਟੀਆਂ ਨੂੰ ਉਸ ਜਾਣਕਾਰੀ, ਮਦਦਾਂ ਅਤੇ ਟਰੇਨਿੰਗ ਨਾਲ ਜੋੜਦਾ ਹੈ ਜਿਸ ਦੀ ਉਨ੍ਹਾਂ ਨੂੰ ਨਸਲਵਾਦ ਅਤੇ ਨਫ਼ਰਤ ਦਾ ਜਵਾਬ ਦੇਣ ਅਤੇ ਭਵਿੱਖ ਵਿਚ ਨਫ਼ਰਤ ਵਾਲੀਆਂ ਘਟਨਾਵਾਂ ਤੋਂ ਰੋਕਥਾਮ ਕਰਨ ਲਈ ਲੋੜ ਹੁੰਦੀ ਹੈ।

ਰੇਜ਼ਿਲੀਐਂਸ ਬੀ ਸੀ ਐਂਟੀ-ਰੇਸਿਜ਼ਮ ਨੈੱਟਵਰਕ ਇਕ “ਹੱਬ ਐਂਡ ਸਪੋਕ” ਮਾਡਲ ਰਾਹੀਂ ਤਾਲਮੇਲ ਵਾਲੀਆਂ ਸੇਵਾਵਾਂ ਦਿੰਦਾ ਹੈ। ਕੇਂਦਰਿਤ ਹੱਬ ਕਮਿਉਨਟੀਆਂ ਨੂੰ ਜੋੜਦੀ ਹੈ, ਜਾਣਕਾਰੀ ਅਤੇ ਵਸੀਲੇ ਸਾਂਝੀ ਕਰਦੀ ਹੈ ਅਤੇ ਟਰੇਨਿੰਗ ਅਤੇ ਨਸਲਵਾਦ ਵਿਰੋਧੀ ਉੱਦਮਾਂ ਦਾ ਤਾਲਮੇਲ ਕਰਦੀ ਹੈ। ਸਪੋਕਸ ਕਮਿਉਨਟੀਆਂ ਵਿਚਲੀਆਂ ਬਰਾਂਚਾਂ ਹਨ ਜਿਹੜੀਆਂ ਲੋਕਲ ਮੈਂਬਰਾਂ ਦੀ ਨੁਮਾਇੰਦਗੀ ਕਰਦੀਆਂ ਹਨ ਅਤੇ ਉਨ੍ਹਾਂ ਨਾਲ ਰਲ ਕੇ ਕੰਮ ਕਰਦੀਆਂ ਹਨ। ਉਹ ਸਥਾਨਕ ਤਰਜੀਹਾਂ ਦੀ ਪਛਾਣ ਵੀ ਕਰਦੀਆਂ ਹਨ ਅਤੇ ਨਸਲਵਾਦ ਵਿਰੋਧੀ ਅਤੇ ਨਫ਼ਰਤ ਵਿਰੋਧੀ ਪ੍ਰੋਜੈਕਟਾਂ ਨੂੰ ਅੱਗੇ ਵਧਾਉਂਦੀਆਂ ਹਨ।

ਜਿਆਦਾ ਜਾਣੋ

ਰਿਪੋਰਟ ਕਰਨ ਦੇ ਹੋਰ ਤਰੀਕੇ

ਜੇ ਤੁਸੀਂ ਇੰਟਰਨੈੱਟ ਉੱਪਰ ਨਸਲਵਾਦੀ ਜਾਂ ਨਫ਼ਰਤ ਫੈਲਾਉਣ ਵਾਲੀ ਸਾਮੱਗਰੀ ਦੇਖੋ ਤਾਂ ਐਕਸ਼ਨ ਲਉ।

ਇੰਟਰਨੈੱਟ ਉਪਰਲੀਆਂ ਟਿਪਣੀਆਂ ਜਾਂ ਵੀਡਿਓਜ਼ ਇਕ ਨਫ਼ਰਤੀ ਜੁਰਮ ਵਜੋਂ ਸੰਭਵ ਮੁਜਰਮਾਨਾ ਜਵਾਬਦੇਹੀ ਤੋਂ ਮੁਕਤ ਨਹੀਂ ਹਨ ਅਤੇ ਜੇ ਇਨ੍ਹਾਂ ਦਾ ਕੈਨੇਡਾ ਨਾਲ ਕਾਫੀ ਲਿੰਕ ਹੋਵੇ ਤਾਂ ਇਨ੍ਹਾਂ ਦੀ ਪੜਤਾਲ ਕੀਤੇ ਜਾਣ ਲਈ ਰਿਪੋਰਟ ਕੀਤੀ ਜਾ ਸਕਦੀ ਹੈ।

ਨਸਲਵਾਦੀ, ਟ੍ਰਾਂਸਫੋਬਿਕ, ਜਾਂ ਸੈਕਸਿਸਟ ਟਿੱਪਣੀਆਂ ਵਰਗੇ ਵਿਤਕਰੇ ਵਾਲੇ ਕੰਮਾਂ (ਜੋ ਕਿ ਮੁਜਰਮਾਨਾ ਕਿਸਮ ਦੇ ਹੋ ਸਕਦੇ ਹਨ ਜਾਂ ਨਹੀਂ ਹੋ ਸਕਦੇ ਹਨ) ਨਾਲ ਮਨੁੱਖੀ ਹੱਕਾਂ ਦੇ ਕਾਨੂੰਨ ਨਾਲ ਜਾਂ ਸੋਸ਼ਲ ਮੀਡੀਆ ਪਲੇਟਫਾਰਮਾਂ, ਵੈੱਬ ਹੋਸਿਟੰਗ ਦੀਆਂ ਸੇਵਾਵਾਂ ਅਤੇ ਇੰਟਰਨੈੱਟ ਦੀ ਸਰਵਿਸ ਪ੍ਰਦਾਨ ਕਰਨ ਵਾਲਿਆਂ ਦੀਆਂ ਵਰਤੋਂ ਬਾਰੇ ਆਗਿਆ ਦੀਆਂ ਪਾਲਸੀਆਂ ਨਾਲ ਵੀ ਨਿਪਟਿਆ ਜਾ ਸਕਦਾ ਹੈ। ਕਵਰੇਜ ਵਿਚ ਨਸਲਵਾਦੀ ਜਾਂ ਨਫ਼ਰਤੀ ਬੋਲੀ ਜਾਂ ਅਖਬਾਰਾਂ ਵਿਚਲੇ ਆਰਟੀਕਲਾਂ ਉੱਪਰ ਟਿੱਪਣੀਆਂ, ਸੋਸ਼ਲ ਮੀਡੀਆ ਦੀਆਂ ਪੋਸਟਾਂ, ਚੈਟ ਫੌਰਮ ਜਾਂ ਔਨਲਾਈਨ ਗੇਮਿੰਗ ਵੀ ਸ਼ਾਮਲ ਹੋ ਸਕਦੀਆਂ ਹਨ।

ਸ਼ਿਕਾਇਤਾਂ ਪੁਲੀਸ ਕੋਲ ਜਾਂ ਵੈੱਬਸਾਈਟ ਐਡਮਿਨਸਟਰੇਟਰਾਂ, ਵੈੱਬ ਹੋਸਟਿੰਗ ਜਾਂ ਇੰਟਰਨੈੱਟ ਸਰਵਿਸ ਪ੍ਰੋਵਾਈਡਰਾਂ ਕੋਲ ਕੀਤੀਆਂ ਜਾ ਸਕਦੀਆਂ ਹਨ।

 • ਪੁਲੀਸ ਨੂੰ ਰਿਪੋਰਟ ਕਰੋ – ਜੇ ਤੁਸੀਂ ਇੰਟਰਨੈੱਟ ਉੱਪਰ ਸਿੱਧੀਆਂ ਧਮਕੀਆਂ ਦੇਖੋ ਤਾਂ ਤੁਸੀਂ ਪੁਲੀਸ ਕੋਲ ਰਿਪੋਰਟ ਕਰ ਸਕਦੇ ਹੋ
 • ਵੈੱਬਸਾਈਟ ਐਡਮਿਨਸਟਰੇਟਰ ਨੂੰ ਰਿਪੋਰਟ ਕਰੋ – ਬਹੁਤੇ ਵੈੱਬਸਾਈਟਾਂ ਦੇ ਨਿਯਮ ਹੁੰਦੇ ਹਨ ਜਿਹੜੇ ‘ਵਰਤੋਂ ਬਾਰੇ ਪ੍ਰਵਾਨਯੋਗ ਪਾਲਸੀਆਂ’ ਦੇ ਤੌਰ `ਤੇ ਜਾਣੇ ਜਾਂਦੇ ਹਨ ਜਿਹੜੇ ਇਹ ਤੈਹ ਕਰਦੇ ਹਨ ਕਿ ਉਨ੍ਹਾਂ ਦੇ ਵੈੱਬਸਾਈਟ ਉੱਪਰ ਕੀ ਨਹੀਂ ਪਾਇਆ ਜਾ ਸਕਦਾ ਅਤੇ ਇਹ ਅਕਸਰ ਉਨ੍ਹਾਂ ਟਿੱਪਣੀਆਂ, ਵੀਡਿਓਜ਼ ਅਤੇ ਫੋਟੋਆਂ ਦੀ ਆਗਿਆ ਨਹੀਂ ਦਿੰਦੇ ਜਿਹੜੀਆਂ ਲੋਕਾਂ ਨੂੰ ਤੰਗ ਕਰਦੀਆਂ ਜਾਂ ਦੁੱਖ ਦਿੰਦੀਆਂ ਹਨ। ਕਿਸੇ ਪੇਜ ਜਾਂ ਵੀਡਿਓ ਬਾਰੇ ਤੁਹਾਡੇ ਵਲੋਂ ਰਿਪੋਰਟ ਕਰਨ ਲਈ ਵੈੱਬ ਅਤੇ ਸੋਸ਼ਲ ਮੀਡੀਆ ਸਾਈਟਾਂ ਦੇ ਸੌਖੇ ਤਰੀਕੇ ਹੋ ਸਕਦੇ ਹਨ। ਹੋਰਨਾਂ `ਤੇ ‘ਰਿਪੋਰਟ ਦਿਸ ਪੇਜ’ ਨਾਂ ਦਾ ਬਟਨ ਹੋ ਸਕਦਾ ਹੈ ਜਿਹੜਾ ਤੁਸੀਂ ਕਲਿੱਕ ਕਰ ਸਕਦੇ ਹੋ।
 • ਹੋਸਟਿੰਗ ਕੰਪਨੀ ਨੂੰ ਰਿਪੋਰਟ ਕਰੋ – ਹੋਸਟਿੰਗ ਕੰਪਨੀਆਂ ਡਿਜ਼ੀਟਲ ਸਪੇਸ ਦੀਆਂ ਮਾਲਕ ਹੁੰਦੀਆਂ ਹਨ ਜੋ ਕਿ ਵੈੱਬਸਾਈਟ ਦੇ ਮਾਲਕਾਂ ਵਲੋਂ ਇੰਟਰਨੈੱਟ `ਤੇ ਆਪਣੀ ਹਾਜ਼ਰੀ ਲਈ ਕਿਰਾਏ `ਤੇ ਲਈਆਂ ਜਾਂਦੀਆਂ ਹਨ। ਸਾਮੱਗਰੀ ਬਾਰੇ ਹੋਸਟਿੰਗ ਕੰਪਨੀਆਂ ਦੇ ਆਪਣੇ ਵੀ ਨਿਯਮਾਂ ਦੇ ਸੈੱਟ ਹੁੰਦੇ ਹਨ। ਤੁਸੀਂ ‘Who is hosting this?’ ਵੈੱਬਸਾਈਟ ਉੱਪਰ ਉਨ੍ਹਾਂ ਦਾ ਵੈੱਬ ਐਡਰੈਸ ਪਾ ਕੇ ਇਹ ਪਤਾ ਲਾ ਸਕਦੇ ਹੋ ਕਿ ਕੋਈ ਵੈੱਬਸਾਈਟ ਕਿਹੜੀ ਕੰਪਨੀ ਦਾ ਹੈ।
 • ਜ਼ਿਆਦਾ ਜਾਣਕਾਰੀ ਲੈਣ ਲਈ ਆਪਣੇ ਇੰਟਰਨੈੱਟ ਸਪਲਾਇਰ ਨਾਲ ਸੰਪਰਕ ਕਰੋ।